ਹਰਿਆਣਾ ਨੇ ਸੜਕ ਦੁਰਘਟਨਾ ਪੀੜਤਾਂ ਲਈ ਮੁਫਤ ਨਕਦੀ ਰਹਿਤ ਇਲਾਜ ਦੀ ਸ਼ੁਰੂਆਤ ਕੀਤੀ
news.describespace.com, ਚੰਡੀਗੜ੍ਹ, 14 ਦਸੰਬਰ-
ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਹਰਿਆਣਾ ਪੁਲਿਸ ਨੇ ਇੱਕ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਹੁਣ ਦੁਰਘਟਨਾ ਪੀੜਤਾਂ ਨੂੰ ਸ਼ੁਰੂਆਤੀ ਸੁਨਹਿਰੀ ਸਮੇਂ ਵਿੱਚ ਮੁਫਤ ਇਲਾਜ ਮਿਲੇਗਾ। ਇਸ ਯੋਜਨਾ ਦੇ ਤਹਿਤ, ਦੁਰਘਟਨਾ ਦੀ ਮਿਤੀ ਤੋਂ ਵੱਧ ਤੋਂ ਵੱਧ 7 ਦਿਨਾਂ ਦੀ ਮਿਆਦ ਲਈ ਪ੍ਰਤੀ ਵਿਅਕਤੀ ਪ੍ਰਤੀ ਸੜਕ ਦੁਰਘਟਨਾ ਲਈ 1.5 ਲੱਖ ਰੁਪਏ ਤੱਕ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਸਬੰਧੀ ਵਧੀਕ ਡੀਜੀਪੀ ਹਰਦੀਪ ਦੂਨ ਨੇ ਰਾਜ ਦੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਨ੍ਹਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਸ਼ਤਰੂਜੀਤ ਕਪੂਰ ਨੇ ਦੱਸਿਆ ਕਿ ਸੂਬੇ ਦੀਆਂ ਸੜਕਾਂ ਨੂੰ ਆਮ ਲੋਕਾਂ ਲਈ ਸੁਰੱਖਿਅਤ ਬਣਾਉਣਾ ਸਾਡੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸੜਕ ਹਾਦਸਿਆਂ ਨੂੰ ਘੱਟ ਕਰਨ ਲਈ ਬਿਹਤਰ ਅਤੇ ਪ੍ਰਭਾਵੀ ਕਾਰਜ ਯੋਜਨਾ ਤਿਆਰ ਕੀਤੀ ਜਾਵੇ ਅਤੇ ਇਸ ‘ਤੇ ਕੰਮ ਕੀਤਾ ਜਾਵੇ। ਇਸੇ ਲੜੀ ਤਹਿਤ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸੜਕ ਦੁਰਘਟਨਾ ਪੀੜਤਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪਾਇਲਟ ਪ੍ਰੋਜੈਕਟ ਨੈਸ਼ਨਲ ਹੈਲਥ ਅਥਾਰਟੀ ਵੱਲੋਂ ਸਥਾਨਕ ਪੁਲਿਸ ਅਤੇ ਰਾਜ ਦੇ ਸਿਹਤ ਵਿਭਾਗ ਦੁਆਰਾ ਕਰਾਰ ਕੀਤੇ ਹਸਪਤਾਲਾਂ ਦੇ ਤਾਲਮੇਲ ਨਾਲ ਸਾਂਝੇ ਤੌਰ ‘ਤੇ ਲਾਗੂ ਕੀਤਾ ਜਾਵੇਗਾ।